ਕੋਰੋਨਾ ਪੀੜਤ ਨਵਾਂਸ਼ਹਿਰ ਲਈ ਰਾਹਤ ਭਰੀ ਖ਼ਬਰ

 

ਕੋਰੋਨਾ ਪੀੜਤ ਨਵਾਂਸ਼ਹਿਰ ਲਈ ਰਾਹਤ ਭਰੀ ਖ਼ਬਰ

ਨਵਾਂਸ਼ਹਿਰ, 25 ਮਾਰਚ-: ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਦਹਿਸ਼ਤ ਹੇਠ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਲਈ ਬੁੱਧਵਾਰ ਰਾਹਤ ਭਰਿਆ ਰਿਹਾ। ਬੁੱਧਵਾਰ ਆਏ 31 ਸੈਂਪਲਾਂ ਦੇ ਨਤੀਜਿਆਂ ’ਚੋਂ ਇੱਕ ਵੀ ਮਾਮਲਾ ਪਾਜ਼ੇਟਿਵ ਨਹੀਂ ਪਾਇਆ ਗਿਆ।
ਦੇਰ ਰਾਤ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਪਹਿਲਾਂ ਅੱਜ ਸਵੇਰੇ 9 ਸੈਂਪਲਾਂ ਦੇ ਨਤੀਜੇ ਨੈਗੇਟਿਵ ਆਏ ਸਨ। ਸ਼ਾਮ ਤੱਕ 22 ਹੋਰ ਨਤੀਜੇ ਨੈਗੇਟਿਵ ਆਉਣ ਨਾਲ ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਛਾਏ ਨਿਰਾਸ਼ਾ ਦੇ ਬੱਦਲਾਂ ’ਚ ਆਸ ਦੀ ਕਿਰਨ ਉਭਰੀ ਹੈ।
ਉਨ੍ਹਾਂ ਦੱਸਿਆ ਕਿ 24 ਮਾਰਚ ਤੱਕ ਜ਼ਿਲ੍ਹੇ ’ਚ ਕੁੱਲ 61 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ ਹੁਣ ਤੱਕ 41 ਨੈਗੇਟਿਵ ਆ ਚੁੱਕੇ ਹਨ ਅਤੇ 18 ਪਾਜ਼ੇਟਿਵ ਆਏ ਸਨ। ਇਨ੍ਹਾਂ ਪਾਜ਼ੇਟਿਵ ਮਾਮਲਿਆਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ 61 ਸੈਂਪਲਾਂ ’ਚੋਂ ਇੱਕ ਰੱਦ ਕੀਤਾ ਗਿਆ ਅਤੇ ਇੱਕ ਦੁਹਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 25 ਮਾਰਚ ਨੂੰ ਜ਼ਿਲ੍ਹੇ ਦੇ ਪਠਲਾਵਾ, ਝਿੱਕਾ ਅਤੇ ਲਧਾਣਾ ਉੱਚਾ ’ਚੋਂ 114 ਸੈਂਪਲ ਲਏ ਗਏ ਹਨ, ਜਿਸ ਲਈ ਵਿਸ਼ੇਸ਼ ਤੌਰ ’ਤੇ ਅਮਿ੍ਰਤਸਰ ਅਤੇ ਪਟਿਆਲਾ ਤੋਂ ਵਾਧੂ ਟੀਮਾਂ ਬੁਲਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਉਹ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਅਤੇ ਲਾਗੂ ਕੀਤੇ ਗਏ ਕਰਫ਼ਿਊ ਦੀ ਉਲੰਘਣਾ ਨਾ ਕਰਦੇ ਹੋਏ ਇੱਕ ਦੂਸਰੇ ਤੋਂ ਫ਼ਿਲਹਾਲ ਦੂਰ ਰਹਿਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਮਾਨਵੀ ਚੇਨ ਨੂੰ ਤੋੜਨਾ ਲਾਜ਼ਮੀ ਹੈ ਅਤੇ ਇਹ ਕੰਮ ਜ਼ਿਲ੍ਹੇ ਦੇ ਲੋਕ ਘਰਾਂ ’ਚ ਬੰਦ ਹੋ ਕੇ ਬੇਹਤਰ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਵਿਅਕਤੀ ਨੂੰ ਦਵਾਈ, ਰਾਸ਼ਨ, ਸਬਜ਼ੀ, ਦੁੱਧ, ਪਸ਼ੂਆਂ ਦੇ ਚਾਰੇ ਦੀ ਕਮੀ ਨਹੀਂ ਆਉਣ ਦੇਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਮੈਡੀਕਲ ਐਮਰਜੈਂਸੀ ਵੀ ਆਉਂਦੀ ਹੈ ਤਾਂ ਉਹ ਸਬੰਧਤ ਐਸ ਡੀ ਐਮ ਕੋਲੋਂ ਪਾਸ ਬਣਵਾ ਕੇ ਤੁਰੰਤ ਹਸਪਤਾਲ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਚਾਰਾ ਲਿਆਉਣ ਵਾਲੀ ਟਰਾਲੀ ਜਾਂ ਰੇਹੜੇ ਨੂੰ ਪੁਲਿਸ ਵੱਲੋਂ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਵੀਰਵਾਰ ਤੋਂ ਨੇੜਲੇ ਕਰਿਆਨਾ ਸਟੋਰਾਂ ਅਤੇ ਮੈਡੀਕਲ ਸਟੋਰਾਂ ਦੇ ਨੰਬਰ ਕੰਟਰੋਲ ਰੂਮ 01823-227471, 227473, 227474 ’ਤੇ ਉਪਲਬਧ ਰਹਿਣਗੇ। ਉਨ੍ਹਾਂ ਦੱਸਿਆ ਕਿ ਘਰੇਲੈ ਗੈਸ ਦੀ ਸਪਲਾਈ ਵੀ ਵੀਰਵਾਰ ਤੋਂ ਲੋਕਾਂ ਦੇ ਘਰਾਂ ਤਕ ਪੁੱਜਣੀ ਸ਼ੁਰੂ ਹੋ ਜਾਵੇਗੀ ਪਰੰਤੂ ਲੋਕ ਆਪਣੇ ਆਪ ’ਤੇ ਸੰਜਮ ਰੱਖਣ ਅਤੇ ਗਲੀਆਂ/ਸੜ੍ਹਕਾਂ ’ਤੇ ਨਾ ਨਿਕਲਣ।
ਇਸ ਮੀਟਿੰਗ ’ਚ ਐਮ ਐਲ ਏ ਅੰਗਦ ਸਿੰਘ, ਆਈ ਜੀ ਜਸਕਰਨ ਸਿੰਘ, ਐਸ ਐਸ ਪੀ ਅਲਕਾ ਮੀਨਾ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬੰਗਾ ਗੋਤਮ ਜੈਨ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਡੀ ਐਸ ਪੀ ਬਲਾਚੌਰ ਜਤਿੰਦਰਜੀਤ ਸਿੰਘ ਵੀ ਮੌਜੂਦ ਸਨ।

About the author

SK Vyas

SK Vyas

Add Comment

Click here to post a comment

All Time Favorite

Categories