ਕੋਵਿਡ ਦੇ ਬਾਵਜੂਦ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਗੂੰਜ ਰਹੀਆਂ ਨੇ ਕਿਲਕਾਰੀਆਂ

ਕੋਵਿਡ ਦੇ ਬਾਵਜੂਦ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਗੂੰਜ ਰਹੀਆਂ ਨੇ ਕਿਲਕਾਰੀਆਂ

*ਕੋਵਿਡ ਕਾਲ ਦੌਰਾਨ ਜ਼ਿਲੇ ਵਿਚ ਹੁਣ ਤੱਕ ਹੋਏ 594 ਸੁਰੱਖਿਅਤ ਸੰਸਥਾਗਤ ਜਣੇਪੇ
*ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਪੂਰੇ ਪੇਸ਼ੇਵਰ ਢੰਗ ਤੇ ਮਾਨਵੀ ਸੰਵੇਦਨਾ ਨਾਲ ਕਰ ਰਿਹੈ ਗਰਭਵਤੀ ਮਹਿਲਾਵਾਂ ਦਾ ਇਲਾਜ

ਨਵਾਂਸ਼ਹਿਰ, 1 ਅਗਸਤ : ਕੋਵਿਡ ਮਹਾਮਾਰੀ ਦੀ ਇਸ ਅੋਖੀ ਘੜੀ ਵਿਚ ਵੀ ਜ਼ਿਲੇ ਦੀਆਂ ਸਰਕਾਰੀ ਸੰਸਥਾਵਾਂ ਵਿਚ 594 ਸੁਰੱਖਿਅਤ ਸੰਸਥਾਗਤ ਜਣੇਪੇ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਕੋਵਿਡ ਦੇ ਬਾਵਜੂਦ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿਚ ਨਵਜੰਮਿਆਂ ਦੀਆਂ ਕਿਲਕਾਰੀਆਂ ਗੂੰਜਣਾ ਸਿਹਤ ਵਿਭਾਗ ਦੀ ਇਕ ਵੱਡੀ ਪ੍ਰਾਪਤੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ ਵੱਲੋਂ ਆਪਣੀ ਜਾਨ ਜੋਖਿਮ ਵਿਚ ਪਾ ਕੇ ਪੂਰੇ ਪੇਸ਼ੇਵਰ ਢੰਗ ਅਤੇ ਮਾਨਵੀ ਸੰਵੇਦਨਾ ਨਾਲ ਗਰਭਵਤੀ ਮਹਿਲਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਪ੍ਰੈਲ 2020 ਤੋਂ ਹੁਣ ਤੱਕ ਸੰਸਥਾਗਤ ਜਣੇਪਿਆਂ ਦੌਰਾਨ 594 ਨਵਜਨਮੇ ਬੱਚਿਆਂ ਨੇ ਅੱਖਾਂ ਖੋਲੀਆਂ ਹਨ, ਜਿਨਾਂ ਵਿਚ ਬਲਾਕ ਬੰਗਾ ਵਿਚ 54, ਬਲਾਚੌਰ ਵਿਚ 346, ਮੁਕੰਦਪੁਰ ਵਿਚ 53, ਔੜ ਵਿਚ 33 ਅਤੇ ਰਾਹੋਂ ਵਿਚ 108 ਸੰਸਥਾਗਤ ਜਣੇਪੇ ਹੋਏ ਹਨ। ਉਨਾਂ ਕਿਹਾ ਕਿ ਕੋਵਿਡ ਦੇ ਦੌਰ ਵਿਚ ਗਰਭਵਤੀ ਮਹਿਲਾਵਾਂ ਦਾ ਜਣੇਪਾ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ, ਪਰੰਤੂ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ ਨੇ ਮੁਸ਼ਕਲ ਦੀ ਇਸ ਘੜੀ ਵਿਚ ਆਪਣਾ ਫਰਜ਼ ਬਾਖੂਬੀ ਨਿਭਾਉਂਦਿਆਂ ਇਸ ਕਾਰਜ ਨੂੰ ਸਿਰੇ ਚੜਾਇਆ ਹੈ। ਉਨਾਂ ਕਿਹਾ ਕਿ ਇਕ ਪਾਸੇ ਜਦੋਂ ਜ਼ਿਲੇ ਦਾ ਸਮੁੱਚਾ ਮੈਡੀਕਲ ਅਮਲਾ ਕੋਵਿਡ ਨਾਲ ਜੰਗ ਲੜ ਰਿਹਾ ਹੈ ਤਾਂ ਦੂਜੇ ਪਾਸੇ ਸਰਕਾਰੀ ਸਿਹਤ ਸੰਸਥਾਵਾਂ ਜ਼ਿਲਾ ਵਾਸੀਆਂ ਨੂੰ ਇਲਾਜ ਦੇਣ ਦੀ ਆਪਣੀ ਜਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਅ ਰਿਹਾ ਹੈ, ਜੋ ਕਿ ਇਸ ਸੰਕਟ ਕਾਲ ਵਿਚ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ। ਉਨਾਂ ਇਸ ਮੁਸ਼ਕਲ ਦੌਰ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ।

All Time Favorite

Categories