News

ਡਿਪਟੀ ਕਮਿਸ਼ਨਰ ਅਤੇ ਵਿਧਾਇਕ ਚੀਮਾ ਨੇ ਭਰੋਆਣਾ ਰਾਹਤ ਕੈਂਪ  ਦਾ ਲਿਆ ਜਾਇਜ਼ਾ

*ਨਾਜ਼ੁਕ ਥਾਵਾਂ ਅਤੇ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ

ਸੁਲਤਾਨਪੁਰ ਲੋਧੀ (ਕਪੂਰਥਲਾ), 19 ਅਗਸਤ : ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਨਾਲ ਲੱਗਦੇ ਸੁਲਤਾਨਪੁਰ ਲੋਧੀ ਹਲਕੇ ਦੇ ਕੁਝ ਪਿੰਡਾਂ ਵਿਚ ਹੜਾਂ ਵਰਗੀ ਸਥਿਤੀ ਪੈਦਾ ਹੋਣ ਕਾਰਨ ਇਥੋਂ ਦੇ ਲੋਕਾਂ ਲਈ ਭਰੋਆਣਾ ਗੁਰਦੁਆਰਾ ਸਾਹਿਬ ਵਿਖੇ ਬਣਾਏ ਗਏ ਰਾਹਤ ਕੈਂਪ ਦਾ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਅੱਜ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਕੈਂਪ ਵਿਚ ਪਹੁੰਚੇ ਮੰਡ ਇੰਦਰਪੁਰ ਅਤੇ ਮਨੂੰ ਮਾਛੀ ਆਦਿ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਸੰਕਟ ਦੀ ਇਸ ਘੜੀ ਵਿਚ ਪੂਰੀ ਤਰਾਂ ਉਨਾਂ ਦੇ ਨਾਲ ਖੜਾ ਹੈ ਅਤੇ ਉਨਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਨੂੰ ਵੀ ਇਸ ਰਾਹਤ ਕੈਂਪ ਵਿਚ ਵਿਚ ਲੈ ਕੇ ਆਉਣ। ਉਨਾਂ ਕਿਹਾ ਕਿ ਰਾਹਤ ਕੈਂਪ ਵਿਚ ਉਨਾਂ ਦੇ ਰਹਿਣ-ਸਹਿਣ, ਖਾਣ-ਪੀਣ, ਦਵਾਈਆਂ, ਮੈਡੀਕਲ ਸਹੂਲਤਾਂ, ਸੁਰੱਖਿਆ, ਪਸ਼ੂਆਂ ਲਈ ਚਾਰੇ ਆਦਿ ਦੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਇਸੇ ਤਰਾਂ ਬਚਾਅ ਕਾਰਜਾਂ ਦੇ ਵੀ ਪੁਖ਼ਤਾ ਇੰਤਜਾਮ ਹਨ, ਜਿਨਾਂ ਵਿਚ ਮੋਟਰ ਬੋਟਾਂ, ਲਾਈਫ ਜੈਕੇਟਾਂ, ਗੋਤਾਖੋਰ, ਕਿਸ਼ਤੀਆਂ ਆਦਿ ਸ਼ਾਮਿਲ ਹਨ। ਉਨਾਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸਥਿਤੀ ‘ਤੇ ਪਲ-ਪਲ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਉਨਾਂ ਡਾਕਟਰਾਂ ਅਤੇ ਮੈਡੀਕਲ ਸਟਾਫ ਨਾਲ ਗੱਲਬਾਤ ਕੀਤੀ ਅਤੇ ਹਦਾਇਤ ਕੀਤੀ ਕਿ ਉਹ ਦਵਾਈਆਂ ਆਦਿ ਦਾ ਪੂਰਾ ਸਟਾਕ ਆਪਣੇ ਕੋਲ ਰੱਖਣ। ਇਸ ਤੋਂ ਇਲਾਵਾ ਉਨਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਕਰਨ ਲਈ ਕਿਹਾ। ਇਸ ਤੋਂ ਬਾਅਦ ਉਨਾਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਤੋਂ ਪਹਿਲਾਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵੱਲੋਂ ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਅੱਜ ਲਗਾਤਾਰ ਪ੍ਰਭਾਵਿਤ ਇਲਾਕਿਆਂ ਅਤੇ ਨਾਜ਼ੁਕ ਥਾਵਾਂ ਦੇ ਦੌਰੇ ਕੀਤੇ ਗਏ। ਇਸ ਦੌਰਾਨ ਉਹ ਮੰਡ ਇੰਦਰਪੁਰ, ਮਨੂੰ ਮਾਛੀ, ਟਿੱਬੀ ਅਤੇ ਬਾਊਪੁਰ ਆਦਿ ਪਿੰਡਾਂ ਵਿਚ ਗਏ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮੰਡ ਇੰਦਰਪੁਰ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਉਨਾਂ ਵੱਲੋਂ ਖੁਦ ਭਰੋਆਣਾ ਰਾਹਤ ਕੈਂਪ ਵਿਚ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਉਨਾਂ ਵੱਲੋਂ ਹਰੀਕੇ ਹੈੱਡ ਵਰਕਸ ਦੇ ਗੇਟ ਵੀ ਖੁੱਲਵਾਏ ਗਏ।