Punjab Punjabi Samachar

ਨਸ਼ੇ ਨੂੰ ਅਲਵਿਦਾ ਕਹਿ ਚੁੱਕੇ ਨੌਜਵਾਨ ਬਣਨਗੇ ਨਸ਼ਾ ਵਿਰੋਧੀ ਮੁਹਿੰਮ ਦੇ ਦੂਤ

ਨਸ਼ੇ ਨੂੰ ਅਲਵਿਦਾ ਕਹਿ ਚੁੱਕੇ ਨੌਜਵਾਨ ਬਣਨਗੇ ਨਸ਼ਾ ਵਿਰੋਧੀ ਮੁਹਿੰਮ ਦੇ ਦੂਤ
*ਹੋਰਨਾਂ ਨਸ਼ਾ ਪੀੜਤਾਂ ਲਈ ਬਣਨਗੇ ਪ੍ਰੇਰਨਾ ਸਰੋਤ
ਕਪੂਰਥਲਾ, 17 ਜੂਨ,2019  : ਜ਼ਿਲੇ ਵਿਚ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਕਲੀਨਿਕਾਂ ਤੋਂ ਇਲਾਜ ਕਰਵਾ ਕੇ ਨਸ਼ਿਆਂ ਨੂੰ ਅਲਵਿਦਾ ਆਖਣ ਵਾਲੇ ਨੌਜਵਾਨਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਦਾ ਦੂਤ ਬਣਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਆਰੰਭੇ ਯਤਨਾਂ ਤਹਿਤ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਵੀ ‘ਡੈਪੋ’ ਮੁਹਿੰਮ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਨਸ਼ੇ ਦੀ ਕਮਜ਼ੋਰੀ ‘ਤੇ ਇਲਾਜ ਅਤੇ ਮਨ ਦੀ ਦ੍ਰਿੜਤਾ ਨਾਲ ਕਾਬੂ ਪਾ ਚੁੱਕੇ ਇਹ ਨੌਜਵਾਨ ਹੋਰਨਾਂ ਨਸ਼ਾ ਪੀੜਤਾਂ ਲਈ ਪ੍ਰੇਰਨਾ ਸਰੋਤ ਸਾਬਿਤ ਹੋ ਸਕਦੇ ਹਨ। ਉਨਾਂ ਦੱਸਿਆ ਕਿ ਨਸ਼ੇ ਦੀ ਦਲਦਲ ਵਿਚੋਂ ਨਿਕਲਣ ਵਾਲੇ ਅਜਿਹੇ ਨੌਜਵਾਨ, ਜੋ ਕਿ ਸਵੈ-ਇੱਛਾ ਨਾਲ ਹੋਰਨਾਂ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਣ ਲਈ ਤਿਆਰ ਹੋਣ, ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਇਸੇ ਦੌਰਾਨ ‘ਮੈਂਟਲ ਹੈਲਥ ਐਂਡ ਡੀ-ਅਡਿਕਸ਼ਨ’ ਦੇ ਜ਼ਿਲਾ ਨੋਡਲ ਅਫ਼ਸਰ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਜ਼ਿਲੇ ਵਿਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਇਥੋਂ ਦੇ ਨਸ਼ਾ ਮੁਕਤੀ ਕੇਂਦਰਾਂ ਵਿਚੋਂ ਕਾਉਂਸਲਿੰਗ ਅਤੇ ਇਲਾਜ ਰਾਹੀਂ ਵੱਡੀ ਗਿਣਤੀ ਵਿਚ ਨੌਜਵਾਨ ਨਸ਼ਾ ਛੱਡ ਕੇ ਸੁਖੀ ਤੇ ਖੁਸ਼ਹਾਰ ਜੀਵਨ ਬਸਰ ਕਰ

ਰਹੇ ਹਨ। ਉਨਾਂ ਦੱਸਿਆ ਕਿ ਇਥੋਂ ਦੇ ‘ਨਵਜੀਵਨ’ ਅਤੇ ‘ਨਵਕਿਰਨ’ ਵਿਚ ਸੂਬੇ ਭਰ ਵਿੱਚੋਂ ਨੌਜਵਾਨ ਇਲਾਜ ਲਈ ਆਉਂਦੇ ਹਨ ਅਤੇ ਠੀਕ ਹੋ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਸ਼ਾ ਦਾ ਤਿਆਗ ਕਰਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ ਅਤੇ ਉਨਾਂ ਦੇ ਘਰਾਂ ਵਿਚ ਖੁਸ਼ੀ ਅਤੇ ਆਰਥਿਕ ਖੁਸ਼ਹਾਲੀ ਮੁੜ ਪਰਤੀ ਹੈ। ਡਾ. ਭੋਲਾ ਨੇ ਦੱਸਿਆ ਕਿ ਇਹ ਨੌਜਵਾਨ ਹੁਣ ਕਿਸੇ ਕਾਰਨ ਕੁਰਾਹੇ ਪਏ ਹੋਰਨਾਂ ਨੌਜਵਾਨਾਂ ਲਈ ਰਾਹ ਦਿਸੇਰਾ ਬਣ ਰਹੇ ਹਨ, ਜੋ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਇਕ ਸ਼ੁੱਭ ਸੰਕੇਤ ਹੈ। ਉਨਾਂ ਨਸ਼ੇ ਦਾ ਸ਼ਿਕਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਕਰਵਾ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ।