Punjabi Samachar

ਮਨੁੱਖਤਾ ਦੀ ਹੋਂਦ ਬਚਾਉਣ ਲਈ ਹਰ ਇਨਸਾਨ ਵੱਧ ਤੋਂ ਵੱੱਧ ਬੂਟੇ ਲਾਵੇ: ਨਾਗਰਾ 

ਪਿੰਡ ਚਨਾਰਥਲ ਕਲਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਾਏ ਬੂਟੇ

ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ ਵੱਖ ਥਾਵਾਂ ‘ਤੇ ਤਿਆਰ ਕੀਤੇ ਜਾਣਗੇ ਗੁਰੂ ਨਾਨਕ ਪਵਿੱਤਰ ਜੰਗਲ

ਫ਼ਤਹਿਗੜ੍ਹ ਸਾਹਿਬ, 11 ਜੂਨ :ਧਰਤੀ ‘ਤੇ ਮਨੁੱਖਤਾ ਦੀ ਹੋਂਦ ਬਚਾਉਣ ਲਈ ਵਾਤਾਵਰਨ ਦੀ ਸੰਭਾਲ ਅਤਿ ਜ਼ਰੂਰੀ ਹੈ ਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਸਬੰਧੀ ਹਰ ਪਿੰਡ ਵਿੱਚ ਜਿੱਥੇ 550 ਬੂਟੇ ਲਾਏ ਜਾ ਰਹੇ ਹਨ, ਉਥੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਬੂਟੇ ਲਾਉਣ ਦੇ ਹੋਰ ਪ੍ਰੋਜੈਕਟ ਵੀ ਚਲਾਏ ਜਾ ਰਹੇ ਹਨ। ਇਸੇ ਤਹਿਤ ਹੀ ਈਕੋ ਸਿੱਖ ਸੰਸਥਾ ਅਤੇ ਮਾਧਵ ਹੈਲਪਿੰਗ ਹੈਂਡ ਸੰਸਥਾ ਦੇ ਸਹਿਯੋਗ ਨਾਲ ਪਿੰਡ ਚਨਾਰਥਲ ਕਲਾਂ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਈ ਬੂਟੇ ਲਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਹ ਜਾਣਕਾਰੀ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਪਿੰਡ ਚਨਾਰਥਲ ਕਲਾਂ ਵਿਖੇ ਤਿਆਰ ਕੀਤੇ ਜਾ ਰਹੇ ਗੁਰੂ ਨਾਨਕ ਪਵਿੱਤਰ ਜੰਗਲ ਵਿੱਚ ਬੂਟੇ ਲਾਉਣ ਮੌਕੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 25 ਕਿਸਮਾਂ ਦੇ 600 ਬੂਟੇ ਲਾਏ ਗਏ ਹਨ।
ਹਲਕਾ ਵਿਧਾਇਕ ਨੇ ਦੱਸਿਆ ਕਿ ਇਹ ਬੂਟੇ ਅਜਿਹੀ ਤਕਨੀਕ ਨਾਲ ਲਾਏ ਗਏ ਹਨ ਕਿ ਇਨ੍ਹਾਂ ਨੂੰ ਪਹਿਲੇ ਸਾਲ ਹੀ ਪਾਣੀ ਦੇਣ ਦੀ ਲੋੜ ਪਵੇਗੀ, ਉਸ ਉਪਰੰਤ ਇਹ ਜੰਗਲ ਆਪਣੇ ਆਪ ਹੀ ਵੱਧਦਾ ਫੁਲਦਾ ਰਹੇਗਾ ਤੇ ਬੂਟਿਆਂ ਦੇ ਵੱਧਣ ਅਤੇ ਜੰਗਲ ਦੇ ਸੰਘਣੇ ਹੋਣ ਦੀ ਰਫ਼ਤਾਰ ਵੀ ਆਮ ਨਾਲੋਂ ਕਿਤੇ ਵੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਹੋਰ ਵੱਖ ਵੱਖ ਥਾਵਾਂ ‘ਤੇ ਵੀ ਅਜਿਹੇ ਜੰਗਲ ਲਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਰੂਪ ਵਿੱਚ ਬੂਟੇ ਲਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ, ਉਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਥੱਲੇ ਡਿੱਗਣ ਤੋਂ ਵੀ ਬਚਾਇਆ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ 550 ਆਈ ਹਰਿਆਲੀ ਐਪ ਜ਼ਰੀਏ ਬੂਟੇ ਮੁਫ਼ਤ ਦਿੱਤੇ ਜਾ ਰਹੇ ਹਨ। ਹਲਕਾ ਵਿਧਾਇਕ ਸ. ਨਾਗਰਾ ਨੇ ਇਸ ਮੌਕੇ ਗੁਰੂ ਨਾਨਕ 550 ਐਂਡਰੌਇਡ ਐਪ ਵਿੱਚ ਪਿੰਡ ਚਨਾਰਥਲ ਕਲਾਂ ਨੂੰ ਜੀਓਟੈਗ ਵੀ ਕੀਤਾ। ਉਨ੍ਹਾਂ ਨੇ ਲੋਕਾਂ, ਖਾਸਕਰ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਬੂਟੇ ਹਾਸਲ ਕਰ ਕੇ ਵੱਧ ਤੋਂ ਵੱਧ ਥਾਵਾਂ ‘ਤੇ ਲਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਨ।
ਇਸ ਮੌਕੇ ਮਾਧਵ ਹੈਲਪਿੰਗ ਹੈਂਡ ਫਾਊਂਡੇਸ਼ਨ ਭਗਵਾਨਪੁਰਾ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਰਾਜੇਸ਼ ਜਿੰਦਲ, ਜਗਦੀਪ ਸਿੰਘ ਸਰਪੰਚ, ਲਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਪਾਲ ਸਿੰਘ, ਪ੍ਰਦੀਪ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਗੁਰਸੇਵਕ ਸਿੰਘ ਸੋਨੀ, ਪੰਚ ਕਰਮਜੀਤ ਸਿੰਘ, ਮਾਸਟਰ ਰੁਪਿੰਦਰ ਸਿੰਘ ਟਿਵਾਣਾ, ਪਰਮਵੀਰ ਸਿੰਘ ਟਿਵਾਣਾ, ਗੁਰਮੁੱਖ ਸਿੰਘ ਪੰਡਰਾਲੀ, ਇੰਦਰਜੀਤ ਸਿੰਘ ਖਰ੍ਹੇ, ਲਾਡੀ ਟਿਵਾਣਾ, ਲਾਲੀ ਟਿਵਾਣਾ, ਨਿਰਮਲ ਸਿੰਘ, ਸਿੰਗਾਰਾ ਸਿੰਘ, ਸਮਾਜ ਸੇਵਕ ਐਡਵੋਕੇਟ ਸਹਿਜਵੀਰ ਔਲਖ, ਵਣ ਵਿਭਾਗ ਪੰਜਾਬ ਤੋਂ ਨਰਪਿੰਦਰ ਸਿੰਘ, ਗੁਰਮੁੱਖ ਸਿੰਘ, ਜਗਜੀਤ ਸਿੰਘ, ਈਕੋ ਸਿੱਖ ਸੰਸਥਾ ਤੋਂ ਕੁਲਵੀਰ ਸਿੰਘ, ਪਵਿੱਤਰ ਸਿੰਘ, ਪਵਨੀਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ: ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਪਿੰਡ ਚਨਾਰਥਲ ਕਲਾਂ ਵਿਖੇ ਤਿਆਰ ਕੀਤੇ ਜਾ ਰਹੇ ਗੁਰੂ ਨਾਨਕ ਪਵਿੱਤਰ ਜੰਗਲ ਬਾਰੇ ਜਾਣਕਾਰੀ ਦਿੰਦੇ ਹੋਏ।

2 Comments

Click here to post a comment