Punjabi Samachar

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ਼੍ਰੀ ਕਾਹਨ ਸਿੰਘ ਪੰਨੂ, ਆਈ.ਏ.ਐਸ., ਕਮਿਸ਼ਨਰ ਐਫ.ਡੀ.ਏ. (ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ) ਪੰਜਾਬ,

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ਼੍ਰੀ ਕਾਹਨ ਸਿੰਘ ਪੰਨੂ, ਆਈ.ਏ.ਐਸ., ਕਮਿਸ਼ਨਰ ਐਫ.ਡੀ.ਏ. (ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ) ਪੰਜਾਬ, ਸ਼੍ਰੀ ਡੀ.ਪੀ.ਐਸ. ਖਰਬੰਦਾ, ਆਈ.ਏ.ਐਸ. ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਵਾਲੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਿਤੀ 19.09.2019 ਨੂੰ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਸ਼੍ਰੀ ਸਤਨਾਮ ਸਿੰਘ ਫੂਡ ਸੇਫਟੀ ਅਫਸਰ, ਕਪੂਰਥਲਾ ਵੱਲੋਂ ਚੈਕਿੰਗ ਕੀਤੀ ਗਈ।

ਆਉਣ ਵਾਲੇ ਤਿਓਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ, ਖਾਸ ਤੌਰ ਤੇ ਮਿਠਾਈਆਂ ਦੀਆਂ ਦੁਕਾਨਾਂ ਨੂੰ ਚੈਕ ਕਰਨ ਲਈ ਵਿਸ਼ੇਸ਼ ਮੁਹਿੰਮ ਕੀਤੀ ਗਈ।

ਡਾ. ਹਰਜੋਤ ਨੇ ਦੱਸਿਆ ਕਿ ਫੂਡ ਵਿੰਗ ਵੱਲੋਂ ਅੱਜ ਕੁੱਲ 06 ਸੈਂਪਲ ਲਏ ਗਏ, ਜਿਹਨਾਂ ਵਿੱਚ 2 ਖੋਆ ਬਰਫੀ, 1 ਪਨੀਰ, ਕਲਾਕੰਦ, 1 ਦੇਸੀ ਘਿਓ ਅਤੇ ਬੇਸਨ ਹਨ।ਇਹ ਚੈਕਿੰਗ ਸਤਨਰਾਇਣ ਮੰਦਿਰ, ਕਪੂਰਥਲਾ ਦੇ ਨੇੜੇ ਅਤੇ ਕਟਰਾ ਬਜਾਰ ਸੁਲਤਾਨਪੁਰ ਲੋਧੀ ਆਦਿ ਵਿਖੇ ਕੀਤੀ ਗਈ।

ਹਲਵਾਈਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਿਠਾਈਆਂ ਅਤੇ ਖਾਦ ਪਦਾਰਥਾਂ ਨੂੰ ਤਿਆਰ ਕਰਨ ਲਈ ਬਣਾਵਟੀ ਰੰਗ, ਮਿਠਾਈਆਂ ਉੱਪਰ ਐਲੂਮੀਨੀਅਮ ਪੇਪਰ ਦਾ ਇਸਤੇਮਾਲ ਨਾ ਕਰਨ। ਫੂਡ ਸੇਫਟੀ ਅਤੇ ਸਟੈਂਡਰਡ ਐਕਟ, 2006 ਅਧੀਨ ਪ੍ਰਵਾਨਿਤ ਫੂਡ ਰੰਗਾਂ ਦੀ ਵਰਤੋਂ ਮਿਠਾਈਆਂ ਤੇ ਹੋਰ ਖਾਦ ਪਦਾਰਥਾਂ ਨੂੰ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ, ਉਹ ਵੀ ਕੇਵਲ ਸੀਮਤ ਮਾਤਰਾ ਵਿੱਚ, ਜਿਵੇਂ ਕਿ 100 ਕਿੱਲੋ ਮਿਠਾਈ ਵਿੱਚ ਕੇਵਲ 20 ਗ੍ਰਾਮ ਪ੍ਰਵਾਨਿਤ ਰੰਗ ਪਾਇਆ ਜਾ ਸਕਦਾ ਹੈ। ਕਿਸੇ ਵੀ ਹਾਲਤ ਵਿੱਚ ਕੈਮੀਕਲ ਰੰਗਾਂ ਦੀ ਵਰਤੋ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਰੰਗਦਾਰ ਬਣਾਉਣ ਲਈ ਨਹੀਂ ਕਰਨੀ ਚਾਹੀਦੀ, ਇਹ ਕਾਨੂੰਨ ਤਹਿਤ ਵੀ ਅਪਰਾਧ ਹੈ, ਜਿਸ ਤਹਿਤ ਫੂਡ ਐਕਟ ਦੀ ਧਾਰਾ 59 ਅਧੀਨ ਕੈਦ ਦਾ ਪ੍ਰਾਵਧਾਨ ਹੈ, ਕਿਉਂ ਜੋ ਕੈਮੀਕਲ ਰੰਗਾਂ ਦੀ ਵਰਤੋਂ ਨਾਲ ਛੋਟੀ ਅਤੇ ਵੱਡੀ ਅੰਤੜੀ ਦਾ ਕੈਂਸਰ ਅਤੇ ਗੁਰਦਿਆਂ ਦਾ ਕੈਂਸਰ ਹੋ ਸਕਦਾ ਹੈ।

ਸਾਰੇ ਹਲਵਾਈਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਖੋਆ/ਮਿਠਾਈਆਂ ਕੋਲਡ ਸਟੋਰਾਂ ਵਿੱਚ ਜਮ੍ਹਾ ਨਾ ਕੀਤੀਆਂ ਜਾਣ। ਫੂਡ ਮਹਿਕਮਾ ਕੋਲਡ ਸਟੋਰਾਂ ਵਿੱਚ ਮਿਠਾਈਆਂ ਚੈਕ ਕਰਨ ਲਈ ਸਪੈਸ਼ਲ ਮੁਹਿੰਮ ਚਲਾਏਗਾ। ਹਾਲਾਂਕਿ ਹਲਵਾਈ ਆਪਣੇ ਨਿਜੀ ਕੋਲਡ ਚੈਂਬਰ ਵਿੱਚ ਸੀਮਤ ਸਮੇਂ ਲਈ ਮਿਠਾਈਆਂ ਰੱਖ ਸਕਦੇ ਹਨ, ਫਿਰ ਵੀ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕੋਲਡ ਚੈਂਬਰ ਵਿੱਚ ਰੱਖੀਆਂ ਮਿਠਾਈਆਂ ਦੀ ਕੁਆਲਟੀ ਬਿਲਕੁਲ ਵੀ ਖਰਾਬ ਨਾ ਹੋਵੇ ਤੇ ਉਹਨਾਂ ਨੂੰ ਉੱਲੀ ਆਦਿ ਨਾ ਲੱਗੇ।

ਸਾਰੇ ਫੂਡ ਵਪਾਰੀ ਜੋ ਕਿ ਮਿਠਾਈਆਂ ਨਾਲ ਸਬੰਧਤ ਕਾਰੋਬਾਰ ਕਰਦੇ ਹਨ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਖੋਆ / ਮਿਠਾਈਆਂ ਦੂਸਰੇ ਰਾਜਾਂ ਤੋਂ ਬਿਲਕੁਲ ਵੀ ਨਾ ਮੰਗਵਾਉਣ ਕਿਉਂ ਜੋ ਇਹ ਮਿਠਾਈਆਂ ਆਮ ਤੌਰ ਤੇ ਘਟੀਆ ਕੁਆਲਟੀ ਦੀਆਂ ਹੁੰਦੀਆਂ ਹਨ । ਮਿਠਾਈ / ਖੋਆ ਹਮੇਸ਼ਾ ਕਿਸੇ ਭਰੋਸੇਯੋਗ ਅਦਾਰੇ ਤੋਂ ਹੀ ਮੰਗਵਾਇਆ ਜਾਵੇ ।

ਵਪਾਰੀ ਭਰਾਵਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਖਾਦ ਪਦਾਰਥਾਂ ਦਾ ਖਾਸ ਧਿਆਨ ਰੱਖਣ ਲਈ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਪਦਾਰਥਾਂ ਨੂੰ 4 ਡਿਗਰੀ ਸੈਲਸੀਅਸ ਤਾਪਮਾਨ ਤੱਕ ਹੀ ਸਟੋਰ ਕਰਨ।

ਇਹ ਸੈਂਪਲ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜ ਦਿੱਤੇ ਗਏ ਹਨ ਅਤੇ ਇਸ ਸਬੰਧੀ ਰਿਪੋਰਟ ਵਿਭਾਗ ਨੂੰ ਜਲਦੀ ਹੀ ਪ੍ਰਾਪਤ ਹੋ ਜਾਵੇਗੀ। ਇਸ ਸਬੰਧੀ ਸਟੇਟ ਫੂਡ ਲੈਬ, ਖਰੜ ਵੱਲੋਂ ਰਿਪੋਰਟ ਆਉਣ ਤੇ ਅਪਰਾਧੀ ਵਿਰੁੱਧ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ, 2006 ਅਤੇ ਨਿਯਮ, 2011 ਅਧੀਨ ਬਣਦੀ ਕਾਰਵਾਈ ਅਦਾਲਤ ਵਿੱਚ ਕੀਤੀ ਜਾਵੇਗੀ।

ਭਵਿੱਖ ਵਿੱਚ ਵੀ ਫੂਡ ਵਿੰਗ ਕਪੂਰਥਲਾ ਵੱਲੋਂ ਇਸ ਸਬੰਧੀ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਤਿਓਹਾਰਾਂ ਦੇ ਸੀਜਨ ਵਿੱਚ ਸ਼ੁੱਧ, ਸਿਹਤਮੰਦ ਅਤੇ ਮਿਲਾਵਟ ਰਹਿਤ ਮਿਠਾਈਆਂ ਤੇ ਹੋਰ ਖਾਦ ਪਦਾਰਥ ਮਿਲ ਸਕਣ।

47 Comments

Click here to post a comment