Punjabi Samachar

ਸਨਅਤਕਾਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਕੀਤੀਆਂ ਜਾਣਗੀਆਂ ਹੱਲ

ਸਨਅਤਕਾਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਕੀਤੀਆਂ ਜਾਣਗੀਆਂ ਹੱਲ
ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ
ਫ਼ਤਹਿਗੜ ਸਾਹਿਬ, 06 ਮਾਰਚ :ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਸਨਅਤੀ ਨੀਤੀ ਸਦਕਾ ਸੂਬੇ ਤੇ ਖ਼ਾਸਕਰ ਜ਼ਿਲੇ ਵਿਚਲੀ ਸਨਅਤ ਨੂੰ ਵੱਡਾ ਲਾਭ ਹੋਇਆ ਹੈ ਤੇ ਵੱਡੀ ਗਿਣਤੀ ਸਨਅਤੀ ਇਕਾਈਆਂ ਮੁੜ ਸ਼ੁਰੂ ਹੋਈਆਂ ਹਨ। ਇਸ ਦੇ ਨਾਲ-ਨਾਲ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲੇ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਦਿਆਂ ਕੀਤਾ।
ਇਸ ਮੌਕੇ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸਨਅਤੀ ਇਕਾਈਆਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਵੱਖ ਵੱਖ ਵਿਭਾਗਾਂ ਤੋਂ ਐਨ.ਓ.ਸੀ. ਲੈਣ ਲਈ ਔਨ-ਲਾਈਨ ਬਿਜ਼ਨਸ ਫਸਟ ਪੋਰਟਲ ਸ਼ੁਰੂ ਕੀਤਾ ਗਿਆ ਹੈ ਤੇ ਸਨਅਤਕਾਰਾਂ ਨੂੰ ਵੱਖ ਵੱਖ ਸਰਟੀਫਿਕੇਟ ਇੱਕੋ ਛੱਤ ਥੱਲੇ ਮੁਹੱਈਆ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸਨਅਤ ਸਬੰਧੀ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਸਨਅਤਕਾਰ ਉਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਇਸ ਮੌਕੇ ਸਨਅਤਕਾਰਾਂ ਨੇ ਸਰਹਿੰਦ ਅਤੇ ਬੱਸੀ ਪਠਾਣਾਂ ਦੀ ਸਨਅਤ ਲਈ ਫੋਕਲ ਪੁਆਇੰਟ ਬਣਾਏ ਜਾਣ, ਮੰਡੀ ਗੋਬਿੰਦਗੜ ਵਿਖੇ ਕੌਮੀ ਮਾਰਗ ਤੋਂ ਸਨਅਤੀ ਇਕਾਈਆਂ ਵੱਲ ਜਾਂਦੀਆਂ ਸੜਕਾਂ ਦੀ ਹਾਲਤ ਸੁਧਾਰਨ, ਸਨਅਤ ਦੀ ਅਪਗ੍ਰੇਡੇਸ਼ਨ ਵਾਸਤੇ ਕਰਜ਼ਿਆਂ ਸਬੰਧੀ ਦਰਪੇਸ਼ ਦਿੱਕਤਾਂ ਦੂਰ ਕਰਨ, ਸਨਅਤੀ ਇਕਾਈਆਂ ਵਾਸਤੇ ਸੀ.ਐਨ.ਜੀ. ਦੀ ਖ਼ਪਤ ਸਬੰਧੀ ਟੈਕਸ ਘਟਾਉਣ, ਬਿਜਲੀ ਸਬੰਧੀ ਦਰਪੇਸ਼ ਦਿੱਕਤਾਂ ਦੂਰ ਕਰਨ, ਕੌਮੀ ਮਾਰਗ ਸਬੰਧੀ ਮੁਸ਼ਕਲਾਂ ਦੂਰ ਕਰਨ ਅਤੇ ਵਜ਼ੀਰਾਬਾਦ ਫੋਕਲ ਪੁਆਇੰਟ ਬਣਾਏ ਜਾਣ ਦੀ ਪ੍ਰਕਿਰਿਆ ਤੇਜ਼ ਕੀਤੇ ਜਾਣ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਆਲ ਇੰਡੀਆ ਸਟੀਲ ਰੋਲਰਜ਼ ਐਸੋਸੀਏਸ਼ਨ, ਮੰਡੀ ਗੋਬਿੰਦਗੜ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਹਰਮੇਸ਼ ਜੈਨ, ਮੰਡੀ ਗੋਬਿੰਦੜ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ, ਸੀ.ਆਈ.ਆਈ. ਮੰਡੀ ਗੋਬਿੰਦਗੜ ਦੇ ਪ੍ਰਧਾਨ ਦਿਨੇਸ਼ ਗੁਪਤਾ, ਟਰੱਕ ਬਾਡੀ ਬਿਲਡਰਜ਼ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਹਰਮੀਤ ਸਿੰਘ, ਲਘੂ ਉਦਯੋਗ ਭਾਰਤੀ, ਫ਼ਤਹਿਗੜ ਸਾਹਿਬ ਦੇ ਪ੍ਰਧਾਨ ਮਨੋਜ ਬਿੰਬਰਾ, ਸਮਾਲ ਸਕੇਲ ਇੰਡਸਟਰੀਜ਼ ਬਸੀ ਪਠਾਣਾ ਦੇ ਪ੍ਰਧਾਨ ਕਮਲ ਗੁਪਤਾ, ਬੋਬਿਨ ਕੇਸ ਮੈਨੂਫੈਕਚਰਿੰਗ ਇੰਡਸਟ੍ਰੀਜ਼, ਬਸੀ ਪਠਾਣਾਂ ਦੇ ਪ੍ਰਧਾਨ ਬਲਵੰਤ ਸਿੰਘ, ਮੈਨੂਫੈਕਚਰਿੰਗ ਸੁਇੰਗ ਮਸ਼ੀਨ ਪਾਰਟਸ ਬਸੀ ਪਠਾਣਾਂ ਦੇ ਪ੍ਰਧਾਨ ਜਤਿੰਦਰ ਪਾਲ, ਮੈਨੂਫੈਕਚਰਿੰਗ ਸੁਇੰਗ ਮਸ਼ੀਨ ਪਾਰਟਸ ਬਸੀ ਪਠਾਣਾਂ ਦੇ ਸਕੱਤਰ ਗੁਰਪ੍ਰੀਤ ਸੋਹਲ, ਇੰਡਸਟ੍ਰੀਜ਼ ਵਿਭਾਗ ਦੇ ਫੰਕਸ਼ਨਲ ਮੈਨੇਜਰ ਮਾਨ ਮਹਿੰਦਰ ਸਿੰਘ, ਐਸ.ਆਈ.ਪੀ.ਓ. ਤਰੁਨ ਕੁਮਾਰ ਅਤੇ ਬੀ.ਐਲ.ਈ.ਓ. ਹਰਪ੍ਰੀਤ ਸਿੰਘ ਹਾਜ਼ਰ ਸਨ।