Punjabi Samachar

ਸਵੀਪ’ ਤਹਿਤ ਨਿਵੇਕਲੇ ਢੰਗ ਨਾਲ ਵਿਸ਼ਾਲ ਪਤੰਗ ਰਾਹੀਂ ਦਿੱਤਾ ਵੋਟਰ ਜਾਗਰੂਕਤਾ ਦਾ ਸੁਨੇਹਾ

*ਰੰਗੋਲੀ ਮੁਕਾਬਲਿਆਂ ਰਾਹੀਂ ਵਿਦਿਆਰਥਣਾਂ ਨੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਦਾ ਦਿੱਤਾ ਸੱਦਾ
*ਲੋਕਤੰਤਰੀ ਪ੍ਰਕਿਰਿਆ ਵਿਚ ਵੱਧ-ਚੜ ਕੇ ਹਿੱਸਾ ਲੈਣ ਨੌਜਵਾਨ-ਡਾ. ਸ਼ਿਖਾ ਭਗਤ
ਕਪੂਰਥਲਾ, 12 ਅਪ੍ਰੈਲ :  ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕਤੰਤਰੀ ਪ੍ਰਕਿਰਿਆ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣ ਦੇ ਮਕਸਦ ਨਾਲ ਜਾਰੀ ਕੀਤੀਆਂ ਹਦਾਇਤਾਂ ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਕਪੂਰਥਲਾ ਇੰਜ. ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਾਲਜ ਦੇ ਸਹਿਯੋਗ ਨਾਲ ਵਿਸਾਖੀ ਅਤੇ ਚੋਣਾਂ ਦੇ ਮਹਾਂ ਤਿਉਹਾਰ ਸਬੰਧੀ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੰਦਾ ਵਿਸ਼ਾਲ ਪਤੰਗ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਡਾ. ਸਿਖਾ ਭਗਤ ਵੱਲੋਂ ਰਿਲੀਜ਼ ਕੀਤਾ ਗਿਆ।
ਇਸ ਦੌਰਾਨ ਵਿਦਿਆਰਥਣਾਂ ਦੇ ਵੋਟਰ ਜਾਗਰੂਕਤਾ ਸਬੰਧੀ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਨੇ ਭਾਗ ਲੈ ਕੇ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਵਿਚ ਰੰਗੋਲੀ ਤਿਆਰ ਕਰਕੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦਾ ਸੱਦਾ ਦਿੱਤਾ। ਰੰਗੋਲੀ ਮੁਕਾਬਲਿਆਂ ਵਿਚ ਗਗਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ ਪਹਿਲਾ, ਸਿਮਰਜੀਤ ਕੌਰ ਅਤੇ ਮੁਸਕਾਨ ਨੇ ਦੂਸਰਾ ਅਤੇ ਗਗਨਦੀਪ ਕੌਰ ਅਤੇ ਤਮੰਨਾ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਭਾਰਤੀ ਅਤੇ ਪੱਲਵੀ ਨੂੰ ਕੰਸੋਲੇਸ਼ਨ ਪੁਰਸਕਾਰ ਮਿਲਿਆ।
ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਇਸ ਮੌਕੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਵੱਧ-ਚੜ ਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਉਨਾਂ ਨੂੰ ਆਪਣੀ ਵੋਟ ਦਾ ਸੁਚੇਤ ਹੋ ਕੇ ਸਹੀ ਇਸਤੇਮਾਲ ਕਰਨ ਲਈ ਕਿਹਾ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ‘ਸਵੀਪ’ ਮੁਹਿੰਮ ਤਹਿਤ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ, ਜਿਨਾਂ ਦਾ ਮਕਸਦ ਨੌਜਵਾਨਾਂ ਵਿਚ ਜਾਗਰੂਕਤਾ ਲਿਆਉਣਾ ਹੈ, ਤਾਂ ਜੋ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੱਧ-ਚੜ ਕੇ ਹਿੱਸਾ ਲੈ ਕੇ ਲੋਕਤੰਤਰ ਦੀ ਮਜ਼ਬੂਤੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਉਨਾਂ ਕਿਹਾ ਕਿ ਵੋਟਾਂ ਨਾਲ ਸਬੰਧਤ ਕੋਈ ਜਾਣਕਾਰੀ ਟੋਲ ਫ੍ਰੀ ਨੰਬਰ 1950 ਤੋਂ ਹਾਸਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਵੀ. ਕੇ ਸਿੰਘ, ਵਾਈਸ ਪ੍ਰਿੰਸੀਪਲ ਜਤਿੰਦਰ ਕੌਰ ਧੀਰ, ‘ਸਵੀਪ’ ਦੇ ਨੋਡਲ ਅਫ਼ਸਰ ਪਰਮਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ ਧੀਰ, ਸ੍ਰੀਮਤੀ ਸੁਨੀਤਾ ਸਿੰਘ, ਏ. ਪੀ. ਆਰ. ਓ ਹਰਦੇਵ ਸਿੰਘ ਆਸੀ, ਮੰਗਲ ਸਿੰਘ ਭੰਡਾਲ, ਡਾ. ਸਤਵਿੰਦਰ ਕੌਰ, ਮੈਡਮ ਤਰੁਣ, ਮੈਡਮ ਜਸਦੀਪ, ਮੈਡਮ ਹਰਸਿਮਰਨ, ਮੈਡਮ ਦਲਜੀਤ, ਮੈਡਮ ਨਰੇਸ਼, ਅਜੇ ਭਾਟੀਆ, ਮੈਡਮ ਨਿਧੀ, ਅਨਮੋਲ ਸਹੋਤਾ ਅਤੇ ਹੋਰ ਹਾਜ਼ਰ ਸਨ।