ਸਹਾਇਕ ਰਿਟਰਨਿੰਗ ਅਫ਼ਸਰਾਂ ਦੀਆਂ ਅੱਖਾਂ ਤੇ ਕੰਨਾਂ ਦੀ ਭੂਮਿਕਾ ਨਿਭਾਉਣਗੇ ਸੈਕਟਰ ਅਫ਼ਸਰ: ਸ਼ਿਆਮਲ ਕਿਸ਼ੋਰ ਪਾਠਕ

ਸਹਾਇਕ ਰਿਟਰਨਿੰਗ ਅਫ਼ਸਰਾਂ ਦੀਆਂ ਅੱਖਾਂ ਤੇ ਕੰਨਾਂ ਦੀ ਭੂਮਿਕਾ ਨਿਭਾਉਣਗੇ ਸੈਕਟਰ ਅਫ਼ਸਰ: ਸ਼ਿਆਮਲ ਕਿਸ਼ੋਰ ਪਾਠਕ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੱਲ ਰਿਹਾ ਚੋਣ ਪ੍ਰਚਾਰ 17 ਮਈ ਦੀ ਸ਼ਾਮ 06:00 ਵਜੇ ਨੂੰ ਹੋ ਜਾਵੇਗਾ ਬੰਦ : ਡਾ. ਪ੍ਰਸ਼ਾਂਤ ਕੁਮਾਰ ਗੋਇਲ
ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ ਲਈ ਰਿਟਰਨਿੰਗ ਅਫ਼ਸਰਾਂ ਪਾਸੋਂ ਪ੍ਰੀ ਸਰਟੀਫਿਕੇਸ਼ਨ ਕਰਵਾਉਣੀ ਹੋਵੇਗੀ ਲਾਜ਼ਮੀ
ਫ਼ਤਹਿਗੜ੍ਹ ਸਾਹਿਬ, 16 ਮਈ,2019 :  19 ਮਈ ਨੂੰ ਹੋਣ ਵਾਲੀਆਂ ਲੋਕ ਚੋਣਾਂ ਮੌਕੇ ਸੈਕਟਰ ਅਫ਼ਸਰ, ਸਹਾਇਕ ਰਿਟਰਿੰਗ ਅਫ਼ਸਰ ਦੀਆਂ ਅੱਖਾਂ ਤੇ ਕੰਨਾਂ ਵਜੋਂ ਭੂਮਿਕਾ ਨਿਭਾਉਣਗੇ।ਸੈਕਟਰ ਅਫ਼ਸਰਾਂ ਦੀ ਚੋਣਾਂ ਵਾਲੇ ਦਿਨ ਸਭ ਤੋਂ ਮਹੱਤਵਪੂਰਨ ਡਿਊਟੀ ਹੋਵੇਗੀ, ਜਿਥੇ ਉਨ੍ਹਾਂ ਵੱਲੋਂ ਸਵੇਰ ਵੇਲੇ ਵੋਟਾਂ ਪੈਣ ਦੀ ਸ਼ੁਰੂਆਤ ਤੋਂ ਲੈ ਕੇ ਵੋਟਿੰਗ ਖ਼ਤਮ ਹੋਣ ਤੱਕ ਅਹਿਮ ਜ਼ਿੰਮੇਵਾਰੀ ਨਿਭਾਈ ਜਾਵੇਗੀ, ਉਥੇ ਉਹ ਪੋਲਿੰਗ ਬੂਥਾਂ ਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਵੀ ਵਿਸ਼ੇਸ਼  ਨਿਗਾਹ ਰੱਖਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਅਬਜ਼ਰਵਰ ਸ਼੍ਰੀ ਸ਼ਿਆਮਲ ਕਿਸ਼ੋਰ ਪਾਠਕ ਨੇ ਬੱਚਤ ਭਵਨ ਵਿਖੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੇ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ ਅਤੇ ਹੋਰ ਚੋਣ ਅਮਲੇ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ਼੍ਰੀ ਪਾਠਕ ਨੇ ਇਸ ਮੌਕੇ ਸੈਕਟਰ ਅਫ਼ਸਰਾਂ ਨੂੰ ਕਿਹਾ ਕਿ ਪੋਲਿੰਗ ਪਾਰਟੀਆਂ ਦੇ ਬੂਥਾਂ ‘ਤੇ ਪੁੱਜਣ ‘ਤੇ ਉਹ ਬੂਥਾਂ ‘ਤੇ ਖ਼ੁਦ ਜਾ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਪੋਲਿੰਗ ਪਾਰਟੀਆਂ ਵੱਲੋਂ ਚੋਣ ਸਮੱਗਰੀ ਲੈ ਕੇ ਰਵਾਨਾ ਹੋਣ ਤੋਂ ਲੈ ਕੇ ਵੋਟਾਂ ਪੈਣ ਉਪਰੰਤ ਪਾਰਟੀਆਂ ਵੱਲੋਂ ਚੋਣ ਸਮੱਗਰੀ ਜਮ੍ਹਾਂ ਕਰਵਾਏ ਜਾਣ ਤੱਕ ਪੋਲਿੰਗ ਪਾਰਟੀਆਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ। ਸ਼੍ਰੀ ਪਾਠਕ ਨੇ ਕਿਹਾ ਕਿ ਜੇਕਰ ਉਨ੍ਹਾਂ ਅਧੀਨ ਪੈਂਦੇ ਖੇਤਰ ਵਿੱਚ ਕਿਸੇ ਕਿਸਮ ਦੀ ਗੜਬੜੀ ਦੀ ਸ਼ੰਕਾ ਪੈਦਾ ਹੁੰਦੀ ਹੈ ਤਾਂ ਉਹ ਉਸ ਸਬੰਧੀ ਤੁਰੰਤ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦੇਣ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੱਲ ਰਿਹਾ ਚੋਣ ਪ੍ਰਚਾਰ 17 ਮਈ ਦੀ ਸ਼ਾਮ 06:00 ਵਜੇ ਤੋਂ ਬੰਦ ਹੋ ਜਾਵੇਗਾ ਅਤੇ ਇਲੈਕਟ੍ਰਾਨਿਕ ਮੀਡੀਆ, ਸਿਨੇਮਾ ਹਾਲ ਤੇ ਹੋਰ ਪ੍ਰਚਾਰ ਸਾਧਨਾਂ ‘ਤੇ ਚੋਣ ਪ੍ਰਚਾਰ ਦੀ ਰੋਕ ਦੇ ਨਾਲ ਨਾਲ ਲਾਊਡ ਸਪੀਕਰਾਂ ਦੀ ਵਰਤੋਂ ਦੀ ਵੀ ਮਨਾਹੀ ਹੋ ਜਾਵੇਗੀ।ਇਸ ਦੌਰਾਨ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ ਕਰਨ ਲਈ ਰਿਟਰਨਿੰਗ ਅਫ਼ਸਰਾਂ ਪਾਸੋਂ ਪ੍ਰੀ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਚੋਣ ਸਰਵੇਖਣ (ਐਗਜ਼ਿਟ ਪੋਲ ਅਤੇ ਪੋਲ ਓਪੀਨੀਅਨ) ‘ਤੇ ਵੀ ਚੋਣ ਕਮਿਸ਼ਨ ਦੇ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਰੋਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਉਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਜਨਪ੍ਰਤੀਨਿਧੀ ਐਕਟ 1951 ਦੀ ਧਾਰਾ 126 ਤਹਿਤ 2 ਸਾਲ ਦੀ ਸਜ਼ਾ ਅਤੇ ਜੁਰਮਾਨੇ ਦਾ ਭਾਗੀਦਾਰ ਬਣ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਸੈਕਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪ੍ਰੀਜ਼ਾਈਡਿੰਗ ਅਫ਼ਸਰਾਂ ਨਾਲ ਮੁਕੰਮਲ ਤੌਰ ਉਤੇ ਰਾਬਤਾ ਕਾਇਮ ਰੱਖਣ, ਜੇਕਰ ਉਨ੍ਹਾਂ ਨੂੰ ਪੋਲਿੰਗ ਬੂਥ ਉਤੇ ਕਿਸੇ ਕਿਸਮ ਦੀ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਤੁਰੰਤ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਡਾ. ਗੋਇਲ ਨੇ ਕਿਹਾ ਕਿ ਜੇ ਕਿਸੇ ਖੇਤਰ ਵਿੱਚੋਂ ਵੋਟਰ ਵੋਟ ਨਹੀਂ ਆ ਰਹੇ ਜਾਂ ਘੱਟ ਆ ਹਹੇ ਹਨ ਤਾਂ ਸੈਕਟਰ ਅਫ਼ਸਰ ਉਸ ਥਾਂ ਦਾ ਖ਼ੁਦ ਜਾ ਕੇ ਜਾਇਜ਼ਾ ਲੈਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਕਿਸੇ ਵੀ ਢੰਗ ਨਾਲ ਵੋਟਰਾਂ ਨੂੰ ਵੋਟ ਪਾਉਣ ਤੋਂ ਨਾ ਰੋਕੇ। ਸੈਕਟਰ ਅਫ਼ਸਰ ਇਹ ਵੀ ਯਕੀਨੀ ਬਨਾਉਣ ਕਿ ਬੂਥਾਂ ਉਤੇ ਜਿਹੜੇ ਵਾਲੰਟੀਅਰ ਤਾਇਨਾਤ ਕੀਤੇ ਗਏ ਹਨ, ਉਹ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਉਣ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ,ਸਹਾਇਕ ਕਮਿਸ਼ਨਰ ਚਰਨਜੀਤ ਸਿੰਘ ਸਮੇਤ ਸਹਾਇਕ ਰਿਟਰਨਿੰਗ ਅਫਸਰ, ਸੈਕਟਰ ਅਫ਼ਸਰ ਅਤੇ ਹੋਰ ਚੋਣ ਅਮਲਾ ਮੌਜੂਦ ਸੀ।
ਫੋਟੋ ਕੈਪਸ਼ਨ: ਚੋਣ ਅਬਜ਼ਰਵਰ ਸ਼੍ਰੀ ਸ਼ਿਆਮਲ ਕਿਸ਼ੋਰ ਪਾਠਕ ਬੱਚਤ ਭਵਨ ਵਿਖੇ ਸੈਕਟਰ ਅਫ਼ਸਰਾਂ ਅਤੇ ਹੋਰ ਚੋਣ ਅਮਲੇ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਵੀ ਦਿਖਾਈ ਦੇ ਰਹੇ ਹਨ।

About the author

SK Vyas

SK Vyas

Add Comment

Click here to post a comment

All Time Favorite

Categories