ਜ਼ਿਲ੍ਹਾ ਪ੍ਰੀਸ਼ਦ ਵਿੱਚ 5 ਵੱਖ-ਵੱਖ ਕਮੇਟੀਆਂ ਦਾ ਗਠਨ

ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਲਾਭ ਸਮੂਹ ਵਿਭਾਗਾਂ ਵੱਲੋਂ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਵੇ-ਵਧੀਕ ਡਿਪਟੀ ਕਮਿਸ਼ਨਰ
ਸਰਕਾਰ ਵੱਲੋਂ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਆਇਆ ਰਾਸ਼ਨ ਆਂਗਣਵਾੜੀ ਵਰਕਰ ਯੋਗ ਲਾਭਪਾਤਰੀ ਤੱਕ ਜ਼ਰੂਰ ਪਹੁੰਚਾਉਣ

ਫਿਰੋਜ਼ਪੁਰ 13 ਦਸੰਬਰ 2019 : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਰਵਿੰਦਰਪਾਲ ਸਿੰਘ ਸੰਧੂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਵਿਖੇ ਸ਼ੁੱਕਰਵਾਰ ਨੂੰ 5 ਮੈਂਬਰੀ ਤੇ 6 ਮੈਂਬਰੀ ਕਮੇਟੀ ਦੇ ਗਠਨ ਕਰਨ ਅਤੇ ਵੱਖ-ਵੱਖ ਵਿਭਾਗਾਂ ਦੀਆਂ ਵਿਭਾਗੀ ਸਕੀਮਾਂ ਨੂੰ ਯੋਗ ਲੋਕਾਂ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕੱਤਰਤਾ ਮੀਟਿੰਗ ਕੀਤੀ ਗਈ। ਇਸ ਮੌਕੇ  ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਬਲਵਿੰਦਰ ਕੌਰ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਅਤੇ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਢਿੱਲੋਂ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਸ੍ਰ. ਰਵਿੰਦਰਪਾਲ ਸਿੰਘ ਵੱਲੋਂ 5 ਮੈਂਬਰੀ ਕਮੇਟੀ ਜਿਸ ਵਿੱਚ ਜਨਰਲ ਕਮੇਟੀ, ਵਿੱਤ ਆਡਿਟ ਤੇ ਯੋਜਨਾ ਕਮੇਟੀ, ਸਮਾਜਿਕ ਤੇ ਨਿਆ ਕਮੇਟੀ, ਵਿੱਦਿਅਕ ਤੇ ਸਿਹਤ ਕਮੇਟੀ ਅਤੇ ਖੇਤੀਬਾੜੀ ਕਮੇਟੀ ਬਾਰੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।  ਉਨ੍ਹਾਂ ਦੱਸਿਆ ਕਿ ਹਰੇਕ ਕਮੇਟੀ ਵਿੱਚ ਚੇਅਰਮੈਨ ਸਮੇਤ 5 ਮੈਂਬਰ ਹੋਣਗੇ ਤੇ ਜੈਵ-ਵਿਭਿੰਨਤਾ ਕਮੇਟੀ ਵਿੱਚ 6 ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਂਬਰ ਦਾ ਮਕਸਦ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣਾ ਹੈ।
ਕਾਂਗਰਸੀ ਆਗੂ ਸ੍ਰ. ਜਸਮੇਲ ਸਿੰਘ ਲਾਡੀ ਗਹਿਰੀ ਨੇ ਸਿਹਤ ਵਿਭਾਗ, ਮੱਛੀ ਪਾਲਨ, ਪਸ਼ੂ ਪਾਲਨ, ਸਿੱਖਿਆ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਆਦਿ ਵਿਭਾਗਾਂ ਦੇ ਅਧਿਕਾਰੀਆਂ ਤੋਂ ਉਨ੍ਹਾਂ ਦੀਆਂ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਹਾਇਕ ਸਿਵਲ ਸਰਜਨ ਡਾ. ਸੰਜੀਵ ਗੁਪਤਾ ਨੂੰ ਕਿਹਾ ਕਿ ਜਿਹੜੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੈ ਜਾਂ ਨਹੀਂ ਹਨ ਉਸ ਬਾਰੇ ਇੱਕ ਲਿਸਟ ਬਣਾ ਕੇ ਦਿੱਤੀ ਜਾਵੇ ਤਾਂ ਜੋ ਸਬੰਧਿਤ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਜਿਹੜੇ ਰਿਟਾਇਰ ਡਾਕਟਰ ਕੰਮ ਕਰਨ ਦੇ ਚਾਹਵਾਨ ਹਨ ਉਨ੍ਹਾਂ ਨੂੰ ਯੋਗ ਤਨਖ਼ਾਹ ਤੇ ਲੋਕਾਂ ਦੀ ਸਿਹਤ ਸਹੂਲਤਾਂ ਲਈ ਲਗਾਇਆ ਜਾ ਸਕੇ। ਡਾ. ਸੰਜੀਵ ਗੁਪਤਾ ਨੇ ਕਿਹਾ ਕਿ ਮਮਦੋਟ, ਜ਼ੀਰਾ ਤੇ ਗੁਰੂਹਰਸਹਾਏ ਵਿੱਚ ਐੱਸ.ਐੱਮ.ਓ ਦੀਆਂ ਪੋਸਟਾਂ ਖਾਲੀ ਹਨ ਇਸ ਸਬੰਧੀ ਲਿਖਿਆ ਗਿਆ ਹੈ ਜੋ ਕਿ ਸੈਕਟਰੀ ਪੱਧਰ ਦਾ ਕੰਮ ਹੈ। ਇਸ ਉਪਰੰਤ ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤ ਲਈ ਜੋ ਵੀ ਦਵਾਈਆਂ ਆਉਂਦੀਆਂ ਹਨ, ਉਹ ਸਾਰੇ ਸਰਕਾਰੀ ਹਸਪਤਾਲਾਂ ਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਉਪਲੱਬਧ ਕਰਵਾਈਆਂ ਜਾਣ ਤਾਂ ਜੋ ਲੋਕ ਇਸ ਦਾ ਲਾਭ ਲੈ ਸਕਣ।
ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਨੂੰ ਕਿਹਾ ਕਿ ਹਰੇਕ ਜ਼ਰੂਰਤਮੰਦ ਲਾਭਪਾਤਰੀ ਨੂੰ ਪੈਨਸ਼ਨ ਦੀ ਸਹੂਲਤ ਉਪਲੱਬਧ ਕਰਵਾਈ ਜਾਵੇ ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਧ ਤੋਂ ਵੱਧ ਆਰ.ਓ. ਸਿਸਟਮ ਲਗਾਏ ਜਾਣ ਜੋ ਕਿ ਸਰਕਾਰ ਵੱਲੋਂ ਉਪਲੱਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਜੋ ਰਾਸ਼ਨ ਸਰਕਾਰ ਵੱਲੋਂ ਭੇਜਿਆ ਜਾਂਦਾ ਹੈ, ਉਸ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਇਆ ਤੇ ਸਬੰਧਿਤ ਵਿਭਾਗ ਵੱਲੋਂ ਇਸ ਦੀ ਨਿਰੰਤਰ ਚੈਕਿੰਗ ਵੀ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗਰਭਵਤੀ ਔਰਤਾਂ ਦੀ ਸਹੂਲਤ ਲਈ ਜੋ ਫਾਰਮ ਭਰੇ ਜਾਂਦੇ ਹਨ, ਉਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

All Time Favorite

Categories