Punjabi Samachar

ਕਪੂਰਥਲਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਾਂਗਾ-ਮੁਹੰਮਦ ਤਇਅਬ

ਕਪੂਰਥਲਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਾਂਗਾ-ਮੁਹੰਮਦ ਤਇਅਬ
*ਆਲ ਇੰਡੀਆ ਸਿਟੀਜ਼ਨ ਫੋਰਮ ਨੇ ‘ਡੈਡੀਕੇਟਿਡ ਐਡਮਿਨਸਟ੍ਰੇਟਰ ਆਫ਼ ਆਨਰ’ ਨਾਲ ਕੀਤਾ ਸਨਮਾਨ
ਕਪੂਰਥਲਾ, 13 ਫਰਵਰੀ :
ਲੋਕਾਂ ਪ੍ਰਤੀ ਮਿਲਣਸਾਰਤਾ, ਮਧੁਰ ਵਿਵਹਾਰ, ਮਿੱਠੀ ਬੋਲੀ, ਠਰੰਮੇ ਅਤੇ ਸਮਰਪਿਤ ਕਾਰਜਸ਼ੈਲੀ ਰਾਹੀਂ ਕਪੂਰਥਲਾ ਵਾਸੀਆਂ ਵਿਚ ਆਪਣੀ ਅਮਿਟ ਛਾਪ ਛੱਡਣ ਵਾਲੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ, ਜੋ ਕਿ ਹੁਣ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਜੋਂ ਸੇਵਾਵਾਂ ਨਿਭਾਉਣ ਜਾ ਰਹੇ ਹਨ, ਦਾ ਅੱਜ ਆਲ ਇੰਡੀਆ ਸਿਟੀਜ਼ਨ ਫੋਰਮ ਵੱਲੋਂ ‘ਡੈਡੀਕੇਟਿਡ ਐਡਮਿਨਸਟ੍ਰੇਟਰ ਐਵਾਰਡ ਆਫ ਆਨਰ’ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਮੁਹੰਮਦ ਤਇਅਬ ਨੇ ਕਿਹਾ ਕਿ ਕਪੂਰਥਲਾ ਵਾਸੀਆਂ ਵੱਲੋਂ ਉਨਾਂ ਨੂੰ ਬੇਹੱਦ ਪਿਆਰ ਅਤੇ ਸਹਿਯੋਗ ਮਿਲਿਆ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨਾਂ ਕਿਹਾ ਕਿ ਕਪੂਰਥਲਾ ਵਿਚ ਬਿਤਾਇਆ ਸਮਾਂ ਉਨਾਂ ਲਈ ਯਾਦਗਾਰੀ ਰਹੇਗਾ। ਇਸ ਮੌਕੇ ਆਲ ਇੰਡੀਆ ਸਿਟੀਜ਼ਨ ਫੋਰਮ ਦੇ ਚੇਅਰਮੈਨ ਸ੍ਰੀ ਬੀ. ਐਨ ਗੁਪਤਾ, ਪ੍ਰਧਾਨ ਐਡਵੋਕੇਟ ਜੇ. ਜੇ. ਐਸ ਅਰੋੜਾ, ਵਾਈਸ ਚੇਅਰਮੈਨ ਡਾ. ਰਣਜੀਤ ਰਾਏ ਅਤੇ ਐਡਵੋਕੇਟ ਹਰਅਨਮੋਲ ਸਿੰਘ ਨੇ ਕਿਹਾ ਕਿ ਸ੍ਰੀ ਤਇਅਬ ਬਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੰਮ ਤਾਂ ਕਾਨੂੰਨ ਤੇ ਨਿਯਮਾਂ ਅਨੁਸਾਰ ਹੁੰਦੇ ਹੀ ਰਹਿੰਦੇ ਹਨ, ਪਰੰਤੂ ਸ੍ਰੀ ਤਇਅਬ ਵੱਲੋਂ ਆਪਣਾ ਕੰਮ ਕਰਵਾਉਣ ਆਉਣ ਵਾਲੇ ਵਿਅਕਤੀ ਦੀ ਸਮੱਸਿਆ ਨੂੰ ਬੜੇ ਠਰੰਮੇ ਨਾਲ ਸੁਣਨਾ ਤੇ ਉਸ ਨਾਲ ਮਧੁਰ ਬੋਲੀ ਨਾਲ ਗੱਲਬਾਤ ਕਰਨ ਨਾਲ ਹੀ ਉਸ ਵਿਅਕਤੀ ਦੀ ਅੱਧੀ ਸਮੱਸਿਆ ਦਾ ਉਸੇ ਵੇਲੇ ਹੱਲ ਹੋ ਜਾਂਦਾ ਸੀ ਤੇ ਬਾਕੀ ਰਹਿੰਦੀ ਨੂੰ ਤੁਰੰਤ ਕਾਰਵਾਈ ਲਈ ਆਪਣੇ ਅਧੀਨ ਸਬੰਧਤ ਅਧਿਕਾਰੀ ਨੂੰ ਆਦੇਸ਼ ਦੇਣ ਨਾਲ ਹੀ ਸਮੱਸਿਆ ਨਾਲ ਜੂਝ ਰਹੇ ਬਿਨੇਕਾਰ ਦੀ ਪੂਰੀ ਸੰਤੁਸ਼ਟੀ ਹੋ ਜਾਂਦੀ ਸੀ। ਉਨਾਂ ਕਿਹਾ ਕਿ ਸ੍ਰੀ ਤਇਅਬ ਵੱਲੋਂ ਕਪੂਰਥਲਾ ਦੇ ਸਰਵਪੱਖੀ ਵਿਕਾਸ, ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਵਿਰਾਸਤੀ ਦਿੱਖ ਮੁੜ ਬਹਾਲ ਕਰਨ ਅਤੇ ਹਰੇਕ ਖੇਤਰ ਵਿਚ ਜ਼ਿਲੇ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

1 Comment

Click here to post a comment